ਤਰਨ ਤਾਰਨ ਦੀ ਉਪ ਚੋਣ ਲਈ ਚੋਣ ਸਮੱਗਰੀ ਸਮੇਤ ਪੋਲਿੰਗ ਸਟੇਸ਼ਨਾਂ ’ਤੇ ਪੁੱਜੀਆਂ ਪੋਲਿੰਗ ਪਾਰਟੀਆਂ

4877952
Total views : 5839914

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਦਇਆ ਸਿੰਘ, ਬੱਬੂ ਬੰਡਾਲਾ

ਵਿਧਾਨ ਸਭਾ ਹਲਕਾ 021-ਤਰਨ ਤਾਰਨ ਦੀ ਭਲਕੇ 11 ਨਵੰਬਰ ਨੂੰ ਹੋਣ ਵਾਲੀ ਉਪ ਚੋਣ ਲਈ ਪ੍ਰਬੰਧ ਮੁਕੰਮਲ ਹੋ ਗਏ ਹਨ। ਰਿਟਰਨਿੰਗ ਅਫ਼ਸਰ ਸ੍ਰੀ ਗੁਰਮੀਤ ਸਿੰਘ ਦੀ ਅਗਵਾਈ ਹੇਠ ਸਾਰੀਆਂ ਪੋਲਿੰਗ ਪਾਰਟੀਆਂ ਨੂੰ ਚੋਣ ਸਮੱਗਰੀ ਸਮੇਤ ਇੰਟਰਨੈਸ਼ਨਲ ਕਾਲਜ ਆਫ਼ ਨਰਸਿੰਗ, ਪਿੱਦੀ ਤੋਂ ਰਵਾਨਾ ਕੀਤਾ ਗਿਆ ਜੋ ਅੱਜ ਸ਼ਾਮ ਤੱਕ ਵਿਧਾਨ ਸਭਾ ਹਲਕੇ ਦੇ ਸਾਰੇ ਪੋਲਿੰਗ ਬੂਥਾਂ ਉੱਪਰ ਪਹੁੰਚ ਗਈਆਂ ਹਨ।

ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ ਵੋਟਾਂ, ਨਤੀਜਾ 14 ਨਵੰਬਰ ਨੂੰ


11 ਨਵੰਬਰ ਨੂੰ ਹੋ ਰਹੀ ਤਰਨ ਤਾਰਨ ਉਪ ਚੋਣ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਧਿਕਾਰੀ ਸ੍ਰੀ ਰਾਹੁਲ, ਆਈ.ਏ.ਐੱਸ. ਨੇ ਦੱਸਿਆ ਕਿ ਵੋਟਾਂ ਸਵੇਰੇ 7:00 ਵਜੇ ਤੋਂ ਸ਼ਾਮ 6:00 ਵਜੇ ਤੱਕ ਪੈਣਗੀਆਂ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ 021-ਤਰਨ ਤਾਰਨ ਵਿੱਚ ਵੋਟਰਾਂ ਦੀ ਕੁੱਲ ਗਿਣਤੀ 1,92,838 ਹੈ। ਇਸ ਵਿੱਚ 1,00,933 ਪੁਰਸ਼ ਵੋਟਰ, 91,897 ਮਹਿਲਾ ਵੋਟਰ ਅਤੇ 8 ਤੀਜੇ ਲਿੰਗ ਦੇ ਵੋਟਰ ਸ਼ਾਮਲ ਹਨ। ਇਸ ਤੋਂ ਇਲਾਵਾ ਕੁੱਲ ਸਰਵਿਸ ਵੋਟਰ 1,357, ਜਦਕਿ 85 ਸਾਲ ਦੀ ਉਮਰ ਤੋਂ ਵੱਧ ਵਾਲੇ ਕੁੱਲ ਵੋਟਰਾਂ ਦੀ ਗਿਣਤੀ 1,657 ਹੈ। ਉੱਥੇ ਹੀ ਕੁੱਲ ਐਨ.ਆਰ.ਆਈ ਵੋਟਰ 306 ਅਤੇ ਦਿਵਿਆਂਗ ਵੋਟਰਾਂ ਦੀ ਕੁੱਲ ਗਿਣਤੀ 1,488 ਹੈ। ਇਸ ਦੇ ਨਾਲ ਹੀ 18 ਤੋਂ 19 ਸਾਲ ਦੀ ਉਮਰ ਵਾਲੇ ਵੋਟਰਾਂ ਦੀ ਕੁੱਲ ਗਿਣਤੀ 3,333 ਹੈ।    


ਜ਼ਿਲ੍ਹਾ ਚੋਣ ਅਧਿਕਾਰੀ ਸ੍ਰੀ ਰਾਹੁਲ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਤਰਨ ਤਾਰਨ ਵਿੱਚ 114 ਪੋਲਿੰਗ ਲੋਕੇਸ਼ਨਾਂ ਉੱਪਰ 222 ਪੋਲਿੰਗ ਬੂਥ ਬਣਾਏ ਗਏ ਹਨ ਜਿਨ੍ਹਾਂ ਵਿੱਚ 4 ਮਾਡਲ ਪੋਲਿੰਗ ਬੂਥ ਬਣਾਏ ਗਏ ਹਨ। ਇਸ ਤੋਂ ਇਲਾਵਾ 3 ਪਿੰਕ ਵੂਮੈਨ ਬੂਥ ਬਣਾਏ ਗਏ ਹਨ ਜਿੱਥੇ ਸਾਰਾ ਸਟਾਫ਼ ਮਹਿਲਾਵਾਂ ਲਗਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ 1 ਪੀ.ਡਬਲਿਊ.ਡੀ. ਪੋਲਿੰਗ ਬੂਥ ਵੀ ਬਣਾਇਆ ਗਿਆ ਹੈ। ਜ਼ਿਲ੍ਹਾ ਚੋਣ ਅਧਿਕਾਰੀ ਨੇ ਅੱਗੇ ਦੱਸਿਆ ਕਿ ਸਾਰੇ 222 ਪੋਲਿੰਗ ਸਟੇਸ਼ਨਾਂ ‘ਤੇ ਲਾਜ਼ਮੀ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪੀ.ਡਬਲਿਊ.ਡੀ. ਅਤੇ ਸੀਨੀਅਰ ਸਿਟੀਜ਼ਨ ਵੋਟਰਾਂ ਦੀ ਸਹਾਇਤਾ ਲਈ ਹਰ ਪੋਲਿੰਗ ਬੂਥ ਉੱਪਰ ਵਲੰਟੀਅਰ ਵੀ ਤਾਇਨਾਤ ਕੀਤੇ ਗਏ ਹਨ।


ਜ਼ਿਲ੍ਹਾ ਚੋਣ ਅਧਿਕਾਰੀ ਸ੍ਰੀ ਰਾਹੁਲ ਨੇ ਕਿਹਾ ਕਿ 021-ਤਰਨ ਤਾਰਨ ਉਪ ਚੋਣ ਦੇ ਮੱਦੇਨਜ਼ਰ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਕੌਮਾਂਤਰੀ ਸਰਹੱਦ ਨਾਲ ਲੱਗਦੇ ਜ਼ਿਲ੍ਹਾ ਤਰਨਤਾਰਨ ਦੀ ਸੰਵੇਦਨਸ਼ੀਲਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਦੀ ਮਸ਼ੀਨਰੀ ਰਾਹੀਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕੇ ਵਿੱਚ ਪੰਜਾਬ ਪੁਲਿਸ ਦੇ ਨਾਲ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੀਆਂ 12 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਤਾਇਨਾਤੀ ਯੋਜਨਾ ਅਨੁਸਾਰ 222 ਪੋਲਿੰਗ ਸਟੇਸ਼ਨਾਂ ਨੂੰ ਕਵਰ ਕਰਦੇ ਹੋਏ, ਸਾਰੇ 114 ਪੋਲਿੰਗ ਸਟੇਸ਼ਨ ਸਥਾਨਾਂ ਉੱਤੇ ਕੇਂਦਰੀ ਬਲਾਂ ਦੇ ਜਵਾਨ ਤਾਇਨਾਤ ਰਹਿਣਗੇ। ਇਸ ਤੋਂ ਇਲਾਵਾ ਸਾਰੇ ਪੋਲਿੰਗ ਸਟੇਸ਼ਨਾਂ ਉੱਤੇ ਸੀਸੀਟੀਵੀ ਕੈਮਰੇ ਅਤੇ ਵੈਬਕਾਸਟਿੰਗ ਦੀ ਵਿਵਸਥਾ ਹੋਵੇਗੀ, ਜਿਨ੍ਹਾਂ ਦੀ ਨਿਗਰਾਨੀ ਜ਼ਿਲ੍ਹਾ ਚੋਣ ਅਧਿਕਾਰੀ, ਰੀਟਰਨਿੰਗ ਅਧਿਕਾਰੀ ਅਤੇ ਮੁੱਖ ਚੋਣ ਅਧਿਕਾਰੀ ਪੱਧਰ `ਤੇ ਚੋਣ ਕਮਿਸ਼ਨ ਦੀ ਦੇਖਰੇਖ ਹੇਠ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਰੇ ਸੰਵੇਦਨਸ਼ੀਲ ਪੋਲਿੰਗ ਸਟੇਸ਼ਨ ਸਥਾਨਾਂ ਨੂੰ 46 ਮਾਈਕ੍ਰੋ ਅਬਜ਼ਰਵਰ ਵੀ ਲਗਾਏ ਗਏ ਹਨ।

 ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਇੰਟਰਨੈਸ਼ਨਲ ਕਾਲਜ ਆਫ਼ ਨਰਸਿੰਗ, ਪਿੱਦੀ ਵਿਖੇ ਈ.ਵੀ.ਐੱਮ. ਦਾ ਸਟਰਾਂਗ ਰੂਮ ਬਣਾਇਆ ਗਿਆ ਹੈ ਅਤੇ ਇਥੇ ਹੀ 14 ਨਵੰਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ।

ਜ਼ਿਲ੍ਹਾ ਚੋਣ ਅਧਿਕਾਰੀ ਸ੍ਰੀ ਰਾਹੁਲ ਨੇ ਵਿਧਾਨ ਸਭਾ ਹਲਕਾ ਤਰਨ ਤਾਰਨ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ 11 ਨਵੰਬਰ ਨੂੰ ਸਵੇਰੇ 7.00 ਵਜੇ ਤੋਂ ਸ਼ਾਮ 6.00 ਵਜੇ ਤੱਕ ਹੋਣ ਵਾਲੀ ਵੋਟਿੰਗ ਦੌਰਾਨ ਨਿਡਰਤਾ ਨਾਲ ਅੱਗੇ ਆ ਕੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News