ਪੈਡਿੰਗ ਇੰਤਕਾਲਾਂ ਦਾ ਮਾਮਲਾ ! ਪੰਜਾਬ ਸਰਕਾਰ ਨੇ ਅੰਮ੍ਰਿਤਸਰ ਸਮੇਤ ਪੰਜ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾ ਨੂੰ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਵਿਰੁੱਧ ਕਾਰਵਾਈ ਦੇ ਦਿੱਤੇ ਨਿਰਦੇਸ਼

4878811
Total views : 5841537

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


 ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ 

 ਪੰਜਾਬ ਸਰਕਾਰ ਦੇ ਵਾਰ-ਵਾਰ ਕਹਿਣ ’ਤੇ ਵੀ ਲੋਕਾਂ ਦੀ ਜਾਇਦਾਦ ਦੇ ਇੰਤਕਾਲ ਨਾ ਕਰਨ ਵਾਲੇ ਮਾਲ ਅਧਿਕਾਰੀਆਂ, ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਖ਼ਿਲਾਫ਼ ਅਨੁਸ਼ਾਸ਼ਨੀ ਕਾਰਵਾਈ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਮਾਲ ਵਿਭਾਗ ਦੇ ਵਧੀਕ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਨੇ ਪੰਜ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਚਿੱਠੀ ਲਿਖ ਕੇ ਸਮਾਂ-ਹੱਦ ਤੋਂ ਵੱਧ ਪੈਂਡਿੰਗ ਇੰਤਕਾਲ ਰੱਖਣ ਦੇ ਮਾਮਲੇ ’ਚ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।

ਵਰਮਾ ਨੇ ਚਿੱਠੀ ’ਚ ਸਪੱਸ਼ਟ ਕਿਹਾ ਹੈ ਕਿ ਪੈਂਡਿੰਗ ਇੰਤਕਾਲ ਪੂਰੇ ਕਰਨ ਨੂੰ ਲੈ ਕੇ ਪੰਜ ਵਾਰ ਵੀਡਿਓ ਕਾਨਫ਼ਰੰਸ ਕਰਨ ਦੇ ਬਾਵਜੂਦ ਇੰਤਕਾਲ ਪੈਂਡਿੰਗ ਹੀ ਚੱਲ ਰਹੇ ਹਨ। ਉਨ੍ਹਾਂ ਡੀਸੀਜ਼ ਨੂੰ ਪੈਂਡਿੰਗ ਇੰਤਕਾਲਾਂ ਦੀ ਸੂਚਨਾ 19 ਮਈ ਨੂੰ ਸਵੇਰੇ 11 ਵਜੇ ਤੱਕ ਭੇਜਣ ਦੇ ਨਿਰਦੇਸ਼ ਦਿੱਤੇ ਹਨ, ਤਾਂ ਜੋ ਸਬੰਧਤ ਅਧਿਕਾਰੀਆਂ ਖ਼ਿਲਾਫ਼ ਸਖ਼ਤ ਸਜ਼ਾ ਦੀ ਕਾਰਵਾਈ ਨੂੰ ਅਮਲ ’ਚ ਲਿਆਂਦਾ ਜਾ ਸਕੇ।ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੀ ਜ਼ੀਰਕਪੁਰ ਤਹਿਸੀਲ ’ਚ 95, ਡੇਰਾਬੱਸੀ ’ਚ 94 ਤੇ ਖਰੜ ਵਿਖੇ 48 ਇੰਤਕਾਲ ਪੈਂਡਿੰਗ ਹਨ। ਇਸੇ ਤਰ੍ਹਾਂ ਲੁਧਿਆਣਾ ਜ਼ਿਲ੍ਹੇ ਦੀ ਸਾਹਨੇਵਾਲ ਤਹਿਸੀਲ ’ਚ 67, ਲੁਧਿਆਣਾ ਪੱਛਮੀ ’ਚ 59 ਤੇ ਪਾਇਲ ਤਹਿਸੀਲ ਅਧੀਨ 54 ਇੰਤਕਾਲ ਪੈਡਿੰਗ ਹਨ।

ਅੰਮ੍ਰਿਤਸਰ ਜ਼ਿਲ੍ਹੇ ’ਚ ਅੰਮ੍ਰਿਤਸਰ-2 ਤਹਿਸੀਲ ’ਚ 105, ਅੰਮ੍ਰਿਤਸਰ-1 ’ਚ 41 ਤੇ ਬਾਬਾ ਬਕਾਲਾ ’ਚ 26 ਇੰਤਕਾਲ ਪੈਂਡਿੰਗ ਹਨ।

ਜਲੰਧਰ ਜ਼ਿਲ੍ਹੇ ਦੀ ਤਹਿਸੀਲ ਜਲੰਧਰ-2 ਤੇ ਜਲੰਧਰ-1 ’ਚ ਕ੍ਰਮਵਾਰ 25 ਤੇ 21 ਇੰਤਕਾਲ ਪੈਂਡਿੰਗ ਹਨ। ਇਸੇ ਤਰ੍ਹਾਂ ਸ੍ਰੀ ਮੁਕਤਸਰ ਸਾਹਿਬ ਦੀ ਗਿੱਦੜਬਾਹਾ ਤਹਿਸੀਲ ’ਚ 33 ਇੰਤਕਾਲ ਪੈਂਡਿੰਗ ਹਨ।ਪਿਛਲੇ ਦਿਨੀਂ ਵਧੀਕ ਪ੍ਰਮੁੱਖ ਸਕੱਤਰ ਨੇ ਡਿਪਟੀ ਕਮਿਸ਼ਨਰਾਂ ਨੂੰ ਤਹਿਸੀਲਾਂ ਵਿਚ ਅਧਿਕਾਰੀਆਂ ਦੀ ਸਵੇਰੇ 9 ਤੋਂ ਸ਼ਾਮ ਪੰਜ ਵਜੇ ਤੱਕ ਹਾਜ਼ਰੀ ਯਕੀਨੀ ਬਣਾਉਣ ਬਾਰੇ ਪੱਤਰ ਲਿਖਿਆ ਸੀ। ਦੱਸਿਆ ਜਾਂਦਾ ਹੈ ਕਿ ਸਰਕਾਰ ਨੂੰ ਤਹਿਸੀਲਾਂ ਵਿਚ ਭ੍ਰਿਸ਼ਟਾਚਾਰ ਤੇ ਲੋਕਾਂ ਦੀ ਖੱਜਲ-ਖੁਆਰੀ ਹੋਣ ਦੀਆਂ ਸਭ ਤੋਂ ਵੱਧ ਸ਼ਿਕਾਇਤਾਂ ਮਿਲ ਰਹੀਆਂ ਹਨ, ਜਿਸ ਕਰ ਕੇ ਸਰਕਾਰ ਮਾਲ ਅਧਿਕਾਰੀਆਂ ਨੂੰ ਸਬਕ ਸਿਖਾਉਣ ਦੇ ਰੌਂਅ ਵਿਚ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

 

Share this News