ਵਿਜੀਲੈਂਸ ਦੀ ਟੀਮ ਨੇ ਆਮਦਨ ਤੋੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ‘ਚ ਕਾਂਗੜ ਦੀ ਕੋਠੀ ਦੀ ਪੈਮਾਇਸ਼ ਕਰਕੇ ਲੋਹੜੀ ਤੋ ਪਹਿਲਾਂ ਮਾਰਿਆ ਲੋਹੜਾ

4676239
Total views : 5508480

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚੰਡੀਗੜ੍ਹ/ਬੀ.ਐਨ.ਈ ਬਿਊਰੋ

ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਨੇ ਤਕਨੀਕੀ ਮਾਹਿਰਾਂ ਦੀ ਸਹਾਇਤਾ ਨਾਲ ਸਾਬਕਾ ਕਾਂਗਰਸੀ ਮੰਤਰੀ ਅਤੇ ਰਾਮਪੁਰਾ ਹਲਕੇ ਤੋਂ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਦੀ ਉਸਦੇ ਜੱਦੀ ਪਿੰਡ ਕਾਂਗੜ ਵਿੱਚ ਬਣੀ ਰਿਹਾਇਸ਼ ਦੀ ਮਿਣਤੀ ਕੀਤੀ ਹੈ।  ਲੋਹੜੀ ਤੋਂ ਪਹਿਲਾਂ ਸਾਬਕਾ ਮੰਤਰੀ ਦੇ ਮਾਮਲੇ ’ਚ ਕਾਰਵਾਈ ਨੂੰ ਅੱਜ ਦੋ ਟੀਮਾਂ ਨੇ ਅੰਜਾਮ ਦਿੱਤਾ ਹੈ ਜਿੰਨ੍ਹਾਂ ਚੋਂ ਇੱਕ ਐਕਸੀਅਨ ਸੁਰੇਸ਼ ਕੁਮਾਰ ਦੀ ਅਗਵਾਈ ਹੇਠ ਚੰਡੀਗੜ੍ਹ ਚੋਂ ਆਈ ਟੀਮ ਸੀ ਜਦੋਂਕਿ ਦੂਸਰੀ ਟੀਮ ਡੀਐਸਪੀ ਕੁਲਵੰਤ ਸਿੰਘ ਲਹਿਰੀ ਦੀ ਅਗਵਾਈ ਕਰ ਰਹੇ ਸਨ, ਪਤਾ  ਲੱਗਿਆ ਹੈ ਕਿ ਜਾਂਚ ਕਰ ਰਹੇ ਅਧਿਕਾਰੀਆਂ ਨੂੰ ਕਾਂਗੜ ਵੱਲੋਂ ਦਿੱਤੇ ਜਵਾਬਾਂ ਪ੍ਰਤੀ  ਤਸੱਲੀ ਨਹੀਂ ਹੋਈ ਸੀ।  


ਜਾਣਕਾਰੀ ਅਨੁਸਾਰ ਵਿਜੀਲੈਂਸ ਨੂੰ ਕਾਂਗੜ ਖਿਲਾਫ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਬਾਰੇ ਸ਼ਿਕਾਇਤ ਮਿਲੀ ਸੀ ਜਿਸ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ ।

ਗੁਰਪ੍ਰੀਤ ਕਾਂਗੜ ਵੱਲੋਂ ਚੋਣ ਕਮਿਸ਼ਨ ਕੋਲ ਨਸ਼ਰ ਕੀਤੇ ਵੇਰਵਿਆਂ ਅਨੁਸਾਰ ਜਦੋਂ ਕਾਂਗੜ 2017 ਵਿਚ ਚੋਣ ਜਿੱਤੇ ਸਨ ਤਾਂ ਉਦੋਂ ਉਨ੍ਹਾਂ ਕੋਲ 9.36 ਕਰੋੜ ਰੁਪਏ ਦੀ ਜਾਇਦਾਦ ਸੀ ਅਤੇ 10 ਲੱਖ ਰੁਪਏ ਦਾ ਕਰਜ਼ਾ ਸੀ। ਮਾਲ ਮੰਤਰੀ ਰਹਿਣ ਮਗਰੋਂ ਜਦੋਂ ਉਨ੍ਹਾਂ ਨੇ 2022 ਵਿਚ ਚੋਣ ਲੜੀ ਤਾਂ ਉਸ ਵਕਤ ਉਨ੍ਹਾਂ ਦੀ ਜਾਇਦਾਦ 14.77 ਕਰੋੜ ਰੁਪਏ ਸੀ ਅਤੇ ਕਰਜ਼ਾ ਵੱਧ ਕੇ 1.89 ਕਰੋੜ ਰੁਪਏ ਹੋ ਗਿਆ ਸੀ। ਕਾਂਗੜ ਕੋਲ ਇੱਕ ਫਾਰਚੂਨਰ ਅਤੇ ਦੋ ਇਨੋਵਾ ਗੱਡੀਆਂ ਤੋਂ ਇਲਾਵਾ 7.40 ਕਰੋੜ ਦੀ ਖੇਤੀ ਵਾਲੀ ਜ਼ਮੀਨ ਹੈ।

ਜਾਣਕਾਰੀ ਅਨੁਸਾਰ 2007 ਵਿਚ ਕਾਂਗੜ ਪਰਿਵਾਰ ਕੋਲ 18.40 ਲੱਖ ਰੁਪਏ ਦੇ ਗਹਿਣੇ ਸਨ ਜਦੋਂ ਕਿ ਬਾਅਦ ’ਚ 75 ਲੱਖ ਰੁਪਏ ਦੇ ਗਹਿਣੇ ਹੋਣ ਦੀ ਗੱਲ ਸਾਹਮਣੇ ਆਈ ਸੀ। ਸੂਤਰ ਦੱਸਦੇ ਹਨ ਕਿ ਵਿਜੀਲੈਂਸ ਵੱਲੋਂ ਬਰਨਾਲਾ ਜਿਲ੍ਹੇ ’ਚ ਇੱਕ ਅਜਿਹੀ ਸੰਪਤੀ ਦੀ ਨਿਸ਼ਾਨਦੇਹੀ ਕੀਤੀ ਹੈ ਜਿਸ ਦੇ ਕਾਂਗੜ ਨਾਲ ਜੁੜੇ ਹੋਣ ਬਾਰੇ ਸ਼ੱਕ ਕੀਤਾ ਜਾ ਰਿਹਾ ਹੈ। ਇਸ ਤੋਂ ਬਿਨਾਂ ਹੋਰ ਵੀ ਕਈ ਸੰਪਤੀਆਂ ਹਨ ਜਿੰਨ੍ਹਾਂ ਦੀ ਸੂਚੀ ਵਿਜੀਲੈਂਸ ਅਧਿਕਾਰੀਆਂ ਨੇ ਤਿਆਰ ਕੀਤੀ ਸੀ। ਅੱਜ ਕੋਠੀ ਦੀ ਹੋਈ ਪੈਮਾਇਸ ਉਪਰੰਤ ਮੰਨਿਆ ਜਾ ਰਿਹਾ ਹੈ ਕਿ ਸਾਬਕਾ ਮੰਤਰੀ ਕਾਂਗੜ ਖਿਲਾਫ ਜਾਂਚ ਅੰਤਮ ਦੌਰ ਵਿੱਚ ਹੈ।  ਦੱਸਣਯੋਗ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਤੋਂ ਪਹਿਲੀ ਵਾਰ ਆਜ਼ਾਦ ਚੋਣ ਜਿੱਤੇ ਗੁਰਪ੍ਰੀਤ ਕਾਂਗੜ ਨੇ ਕੈਪਟਨ ਅਮਰਿੰਦਰ ਸਿੰਘ ਦੇ ਕਹਿਣ ਤੇ ਕਾਂਗਰਸ ਵਿਚ ਸ਼ਮੂਲੀਅਤ ਕੀਤੀ ਸੀ। ਗੁਰਪ੍ਰੀਤ ਕਾਂਗੜ ਨੇ ਸੰਪਤੀ ਸਬੰਧੀ ਕੀਤੀ ਸ਼ਕਾਇਤ ਨੂੰ ਆਪਣੇ ਖਿਲਾਫ ਸਾਜਿਸ਼ ਵੀ ਕਰਾਰ ਦਿੱਤਾ ਸੀ। ਇਹ ਵੀ ਦੱਸਣਾ ਬਣਦਾ ਹੈ ਕਿ ਕਾਂਗਰਸ ਸਰਕਾਰ ਦੇ ਜਿੰਨ੍ਹਾਂ ਮੰਤਰੀਆਂ ਖਿਲਾਫ ਵਿਜੀਲੈਂਸ ਜਾਂਚ ਚੱਲ ਰਹੀ ਹੈ ਉਨ੍ਹਾਂ ਚੋਂ ਕਾਂਗੜ ਅਹਿਮ ਮਾਲ ਵਿਭਾਗ ਦੇ ਮੰਤਰੀ ਰਹੇ ਹਨ।

ਕੋਠੀ ਦੀ ਪੈਮਾਇਸ਼:ਡੀਐਸਪੀ

ਡੀਐਸਪੀ ਵਿਜੀਲੈਂਸ ਕੁਲਵੰਤ ਸਿੰਘ ਲਹਿਰੀ ਦਾ ਕਹਿਣਾ ਸੀ ਕਿ ਅੱਜ ਪਿੰਡ ਕਾਂਗੜ ਵਿਖੇ ਦੋ ਟੀਮਾਂ ਵੱਲੋਂ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਕੋਠੀ ਦੀ ਪੈਮਾਇਸ਼ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇੱਕ ਟੀਮ ਚੰਡੀਗੜ੍ਹ ਤੋਂ ਆਈ ਸੀ ਅਤੇ ਦੂਸਰੀ ਟੀਮ ਦੀ ਅਗਵਾਈ ਉਨ੍ਹਾਂ ਖੁਦ ਕੀਤੀ ਸੀ। ਉਨ੍ਹਾਂ ਦੱਸਿਆ ਕਿ ਅੱਜ ਦੀ  ਕਾਰਵਾਈ ਦੀ ਰਿਪੋਰਟ ਤਿਆਰ ਕਰਕੇ ਉੱਚ ਅਧਿਕਾਰੀਆਂ ਨੂੰ ਭੇਜੀ ਜਾ ਰਹੀ ਹੈ।

Share this News