ਅੰਮ੍ਰਿਤਸਰ ਪੁਲਿਸ ਨੇ ਮੁਕਾਬਲੇ ਤੋਂ ਬਾਅਦ 2 ਸ਼ੂਟਰਾਂ ਨੂੰ ਕੀਤਾ ਗ੍ਰਿਫ਼ਤਾਰ :ਇੱਕ ਵਪਾਰੀ ਦੀ ਦੁਕਾਨ ‘ਤੇ ਕੀਤੀ ਸੀ ਫਾਇਰਿੰਗ

4919900
Total views : 5905909

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ 
ਅੰਮ੍ਰਿਤਸਰ ਪੁਲਿਸ ਨੇ ਕਾਰੋਬਾਰੀ ‘ਤੇ ਫਾਇਰਿੰਗ ਕਰਨ ਦੇ ਮਾਮਲੇ ਵਿਚ ਵੱਡੀ ਸਫਲਤਾ ਹਾਸਲ ਕਰਦੇ ਹੋਏ ਦੋਵੇਂ ਸ਼ੂਟਰ ਨੂੰ ਕਾਬੂ ਕੀਤਾ ਹੈ। ਗ੍ਰਿਫ਼ਤਾਰੀ ਦੌਰਾਨ ਮੁਲਜ਼ਮ ਨੇ ਪੁਲਿਸ ਮੁਲਾਜ਼ਮ ਤੋਂ ਹਥਿਆਰ ਖੋਹ ਕੇ ਕੀਤੀ ਫਾਇਰਿੰਗ ਦੀ ਕੋਸ਼ਿਸ਼ ਕੀਤੀ ਤਾਂ ਜਵਾਬੀ ਕਾਰਵਾਈ ਵਿੱਚ ਇੱਕ ਦੇ ਗੋਲੀ ਲੱਗੀ। ਦੱਸ ਦੇਈਏ ਕਿ ਸ਼ਿਕਾਇਤ ਨਾ ਮਿਲਣ ਦੇ ਬਾਵਜੂਦ ਪੁਲਿਸ ਨੇ ਇਸ ਕੇਸ ਨੂੰ ਸੁਲਝਾਇਆ ਹੈ, ਜਿਸ ਦੇ ਲਈ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੇ ਟੀਮ ਦੀ ਸ਼ਲਾਘਾ ਕੀਤੀ। ਪੁਲਿਸ ਵਿਦੇਸ਼ ਬੈਠੇ ਗੈਂਗਸਟਰਾਂ ਨਾਲ ਜੁੜੇ ਤਾਰ ਖੰਗਾਲ ਰਹੀ ਹੈ।

ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਇੱਕ ਵੱਡੇ ਫਾਇਰਿੰਗ ਮਾਮਲੇ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਸ਼ਹਿਰ ਦੇ ਇੱਕ ਕਾਰੋਬਾਰੀ ਨੂੰ ਗੈਂਗਸਟਰਾਂ ਵੱਲੋਂ ਧਮਕੀ ਭਰੀਆਂ ਕਾਲਾਂ ਕਰਨ ਤੋਂ ਬਾਅਦ ਉਸ ਦੀ ਦੁਕਾਨ ਦੇ ਬਾਹਰ ਫਾਇਰਿੰਗ ਕੀਤੀ ਗਈ ਸੀ। ਹਾਲਾਂਕਿ ਪੀੜਤ ਕਾਰੋਬਾਰੀ ਵੱਲੋਂ ਇਸ ਸਬੰਧੀ ਕੋਈ ਲਿਖਤੀ ਸ਼ਿਕਾਇਤ ਨਹੀਂ ਦਿੱਤੀ ਗਈ, ਪਰ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਆਪਣੇ ਪੱਧਰ ‘ਤੇ ਜਾਂਚ ਸ਼ੁਰੂ ਕੀਤੀ ਅਤੇ ਥੋੜ੍ਹੇ ਸਮੇਂ ਵਿੱਚ ਹੀ ਦੋਵੇਂ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਸ ਆਪਰੇਸ਼ਨ ਲਈ ਡੀਜੀਪੀ ਇਨਵੈਸਟੀਗੇਸ਼ਨ ਰਵਿੰਦਰ ਪਾਲ ਸਿੰਘ ਦੀ ਨਿਗਰਾਨੀ ਹੇਠ ਵਿਸ਼ੇਸ਼ ਟੀਮ ਬਣਾਈ ਗਈ, ਜਿਸ ਵਿੱਚ ਏਡੀਸੀਪੀ ਸਿਟੀ-2, ਏਸੀਪੀ ਨਾਰਥ ਅਤੇ ਸੀਆਈਏ ਸਟਾਫ ਦੇ ਅਧਿਕਾਰੀਆਂ ਨੇ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਟੀਮ ਦੀ ਲਗਾਤਾਰ ਮਿਹਨਤ ਅਤੇ ਤਕਨੀਕੀ ਜਾਂਚ ਦੇ ਆਧਾਰ ‘ਤੇ ਦੋਵੇਂ ਮੁਲਜ਼ਮਾਂ ਤੱਕ ਪਹੁੰਚ ਕੀਤੀ ਗਈ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸਾਜਨਪ੍ਰੀਤ (26) ਅਤੇ ਜਸ਼ਨਪ੍ਰੀਤ (19) ਵਜੋਂ ਹੋਈ ਹੈ, ਜੋ ਮਜੀਠਾ ਇਲਾਕੇ ਦੇ ਇੱਕੋ ਪਿੰਡ ਦੇ ਰਹਿਣ ਵਾਲੇ ਅਤੇ ਆਪਸ ਵਿੱਚ ਰਿਸ਼ਤੇਦਾਰ ਹਨ। ਸਾਜਨਪ੍ਰੀਤ ਖ਼ਿਲਾਫ਼ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਸੀ, ਜਦਕਿ ਜਸ਼ਨਪ੍ਰੀਤ ਖ਼ਿਲਾਫ਼ 2024 ਵਿੱਚ ਐਂਟੀ ਨਾਰਕੋਟਿਕਸ ਟਾਸਕ ਫੋਰਸ  ਮੋਹਾਲੀ ਵੱਲੋਂ ਕਮਰਸ਼ੀਅਲ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦਾ ਕੇਸ ਦਰਜ ਹੈ।

ਉਨ੍ਹਾਂ ਦੱਸਿਆ ਕਿ ਪੁਲਿਸ ਜਦੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਉਨ੍ਹਾਂ ਦੇ ਪਿੰਡ ਪਹੁੰਚੀ ਤਾਂ ਸਾਜਨਪ੍ਰੀਤ ਨੇ ਪੁਲਿਸ ਨੂੰ ਦੇਖ ਕੇ ਘਰ ਦੀ ਛੱਤ ਤੋਂ ਛਾਲ ਮਾਰ ਦਿੱਤੀ, ਜਿਸ ਕਾਰਨ ਉਸ ਦੇ ਪੈਰ ਵਿੱਚ ਫਰੈਕਚਰ ਹੋ ਗਿਆ ਅਤੇ ਉਸ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ।ਪੁਲਿਸ ਕਮਿਸ਼ਨਰ ਨੇ ਖੁਲਾਸਾ ਕੀਤਾ ਕਿ ਦੂਜਾ ਮੁਲਜ਼ਮ ਜਸ਼ਨਪ੍ਰੀਤ ਹੀ ਫਾਇਰਿੰਗ ਦੀ ਘਟਨਾ ਵਿੱਚ ਮੋਟਰਸਾਈਕਲ ਚਲਾ ਰਿਹਾ ਸੀ। ਉਸ ਨੂੰ ਗ੍ਰਿਫ਼ਤਾਰ ਕਰਕੇ ਸਿਵਲ ਲਾਈਨ ਥਾਣੇ ਲਿਆਂਦਾ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਸ ਨੇ ਪੁਲਿਸ ਮੁਲਾਜ਼ਮ ਤੋਂ ਸਰਕਾਰੀ ਹਥਿਆਰ ਖੋਹ ਕੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ। ਪਰ ਪੁਲਿਸ ਮੁਲਾਜ਼ਮ ਨੇ ਮੌਕੇ ‘ਤੇ ਸੂਝ-ਬੂਝ ਦਿਖਾਉਂਦਿਆਂ ਹਥਿਆਰ ਦੀ ਨਲੀ ਹੇਠਾਂ ਕਰ ਦਿੱਤੀ, ਜਿਸ ਦੌਰਾਨ ਚੱਲੀ ਗੋਲੀ ਜਸ਼ਨਪ੍ਰੀਤ ਦੀ ਲੱਤ ਵਿੱਚ ਲੱਗੀ। ਜ਼ਖ਼ਮੀ ਮੁਲਜ਼ਮ ਨੂੰ ਤੁਰੰਤ ਇਲਾਜ ਲਈ ਹਸਪਤਾਲ ਭੇਜਿਆ ਗਿਆ।

ਭੁੱਲਰ ਨੇ ਕਿਹਾ ਕਿ ਮੁੱਢਲੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਜਸ਼ਨਪ੍ਰੀਤ ਨਾਬਾਲਗ ਹੋਣ ਸਮੇਂ ਜੁਵੇਨਾਈਲ ਹੋਮ ਵਿੱਚ ਰਹਿੰਦਿਆਂ ਕੁਝ ਅਪਰਾਧੀਆਂ ਦੇ ਸੰਪਰਕ ਵਿੱਚ ਆਇਆ ਸੀ। ਬਾਅਦ ਵਿੱਚ ਉਹ ਸਰਹੱਦੀ ਇਲਾਕੇ ਦੇ ਕੁਝ ਹੋਰ ਵਿਅਕਤੀਆਂ ਅਤੇ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰਾਂ ਨਾਲ ਜੁੜ ਗਿਆ ਅਤੇ ਪੈਸਿਆਂ ਦੇ ਲਾਲਚ ਵਿੱਚ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲੱਗਾ।

ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੇ ਮੈਡੀਕਲ ਇਲਾਜ ਤੋਂ ਬਾਅਦ ਵਿਸਥਾਰ ਨਾਲ ਪੁੱਛਗਿੱਛ ਕੀਤੀ ਜਾਵੇਗੀ। ਪੁਲਿਸ ਨੂੰ ਉਮੀਦ ਹੈ ਕਿ ਇਸ ਮਾਮਲੇ ਵਿੱਚ ਸਰਹੱਦੀ ਖੇਤਰਾਂ ਅਤੇ ਵਿਦੇਸ਼ਾਂ ਵਿੱਚ ਸਰਗਰਮ ਗੈਂਗਸਟਰਾਂ ਨਾਲ ਜੁੜੇ ਹੋਰ ਅਹਿਮ ਲਿੰਕ ਵੀ ਸਾਹਮਣੇ ਆਉਣਗੇ। ਧਮਕੀ ਭਰੀਆਂ ਕਾਲਾਂ ਵਰਚੁਅਲ ਨੰਬਰਾਂ ਅਤੇ ਵੀਪੀਐਨ ਰਾਹੀਂ ਕੀਤੀਆਂ ਗਈਆਂ ਸਨ, ਜਿਸ ਕਾਰਨ ਜਾਂਚ ਵਿੱਚ ਤਕਨੀਕੀ ਚੁਣੌਤੀਆਂ ਵੀ ਆ ਰਹੀਆਂ ਹਨ।

ਪੁਲਿਸ ਕਮਿਸ਼ਨਰ ਨੇ ਕਿਹਾ ਕਿ ਅੰਮ੍ਰਿਤਸਰ ਕਮਿਸ਼ਨਰੇਟ ਅਜਿਹੇ ਮਾਮਲਿਆਂ ਨੂੰ ਬਹੁਤ ਗੰਭੀਰਤਾ ਨਾਲ ਲੈਂਦੀ ਹੈ ਅਤੇ ਹਰ ਕੇਸ ਨੂੰ ਪਹਿਲ ਦੇ ਆਧਾਰ ‘ਤੇ ਸੁਲਝਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੁਝ ਅਪਰਾਧੀ ਆਪਣੇ ਆਪ ਨੂੰ ਵੱਡੇ ਗੈਂਗਸਟਰਾਂ ਦੇ ਨਾਮ ਨਾਲ ਜੋੜ ਕੇ ਲੋਕਾਂ ਵਿੱਚ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕਰਦੇ ਹਨ, ਪਰ ਅਸਲ ਵਿੱਚ ਇਹ ਛੋਟੇ ਪੱਧਰ ਦੇ ਅਪਰਾਧੀ ਹਨ ਅਤੇ ਪੁਲਿਸ ਉਨ੍ਹਾਂ ਨਾਲ ਕਾਨੂੰਨ ਅਨੁਸਾਰ ਸਖ਼ਤੀ ਨਾਲ ਨਜਿੱਠੇਗੀ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News