





Total views : 5841538







Total views : 5841538ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ ਉਪਿੰਦਰਜੀਤ ਸਿੰਘ
ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ, ਅੰਮ੍ਰਿਤਸਰ ਨੇ 2023-24 ਬੈਚ ਦੇ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕਰਨ ਲਈ 54ਵਾਂ ਦਿਕਸ਼ਾਂਤ ਸਮਾਰੋਹ ਕਰਵਾਇਆ। ਮਾਣਯੋਗ ਪ੍ਰੋ. (ਡਾ.) ਕਰਮਜੀਤ ਸਿੰਘ, ਵਾਈਸ-ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਮਾਣਯੋਗ ਸ. ਜਤਿੰਦਰ ਸਿੰਘ ਮੋਤੀ ਭਾਟੀਆ, ਮੇਅਰ, ਅੰਮ੍ਰਿਤਸਰ, ਇਸ ਸਮਾਗਮ ਦੇ ਵਿਸ਼ੇਸ਼ ਮਹਿਮਾਨ ਸਨ। ਪ੍ਰੋਗਰਾਮ ਦਾ ਆਗ਼ਾਜ ਡੀ.ਏ.ਵੀ ਗਾਨ ਅਤੇ ਵੇਦ-ਮੰਤਰ ਗਾਇਨ ਸਹਿਤ ਸ਼ਮ੍ਹਾਂ ਰੌਸ਼ਨ ਨਾਲ ਹੋਇਆ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਮੰਚ ’ਤੇ ਵਿਰਾਜਮਾਨ ਮਹਿਮਾਨਾਂ ਦਾ ਵਿਧੀਵਤ ਸਵਾਗਤ ਕਰਦੇ ਹੋਏ ਕਾਲਜ ਦੀ ਸਾਲਾਨਾ ਰਿਪੋਰਟ ਪੜ੍ਹੀ। ਉਹਨਾਂ ਨੇ ਕਾਲਜ ਦੀਆਂ ਅਕਾਦਮਿਕ, ਖੇਡਾਂ, ਸੱਭਿਆਚਾਰਕ ਗਤੀਵਿਧੀਆਂ ਦੇ ਨਾਲ-ਨਾਲ ਰਾਜ, ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਦੀਆਂ ਉਪਲਬਧੀਆਂ ‘ਤੇ ਚਾਨਣਾ ਪਾਇਆ। ਆਪਣੇ ਸੰਬੋਧਨ ਵਿਚ ਉਹਨਾਂ ਨੇ ਕਿਹਾ ਕਿ ਬੀ.ਬੀ.ਕੇ ਡੀ.ਏ.ਵੀ ਕਾਲਜ ਆਪਣੀਆਂ ਵਿਦਿਆਰਥਣਾਂ ਨੂੰ ਨਾ ਕੇਵਲ ਸਿੱਖਿਆ ਦੇ ਖੇਤਰ ਵਿਚ ਬਲਕਿ ਜ਼ਿੰਮੇਵਾਰ ਇਨਸਾਨ ਬਨਾਉਣ ’ਤੇ ਜ਼ੋਰ ਦਿੰਦਾ ਹੈ ਤਾਂ ਕਿ ਉਹ ਇਕ ਤੰਦਰੁਸਤ ਸਮਾਜ ਬਨਾਉਣ ਵਿਚ ਆਪਣਾ ਯੋਗਦਾਨ ਦੇ ਸਕਣ।
ਪ੍ਰੋ. (ਡਾ.) ਕਰਮਜੀਤ ਸਿੰਘ ਨੇ ਆਪਣੇ ਦਿਕਸ਼ਾਂਤ ਭਾਸ਼ਣ ਵਿੱਚ ਮਹਿਲਾ ਸਸ਼ਕਤੀਕਰਨ ਪ੍ਰਤੀ ਬੀ.ਬੀ.ਕੇ ਡੀ.ਏ.ਵੀ ਕਾਲਜ ਦੇ ਸ਼ਾਨਦਾਰ ਯੋਗਦਾਨ ਨੂੰ ਸਵੀਕਾਰ ਕੀਤਾ। ਉਨ੍ਹਾਂ ਕਿਹਾ ਕਿ ਸਖ਼ਤ ਮਿਹਨਤ ਅਤੇ ਦ੍ਰਿੜ੍ਹ ਇੱਛਾ ਸ਼ਕਤੀ ਨਾਲ ਅਸੀ ਅਸਫਲਤਾ ’ਚ ਛੁਪੀ ਸਫਲਤਾ ਨੂੰ ਪ੍ਰਾਪਤ ਕਰ ਸਕਦੇ ਹਾਂ ਕਿਉਂਕਿ ਹਰ ਅਸਫਲਤਾ ਵਿੱਚ ਵਿਕਾਸ, ਲਚਕੀਲਾਪਣ ਅਤੇ ਸਵੈ-ਖੋਜ ਦਾ ਬੀਜ ਹੁੰਦਾ ਹੈ।ਸ. ਜਤਿੰਦਰ ਸਿੰਘ ਮੋਤੀ ਭਾਟੀਆ ਨੇ ਆਪਣੇ ਸੰਦੇਸ਼ ’ਚ ਵਿਦਿਆਰਥਣਾਂ ਨੂੰ ਵਧਾਈ ਦਿੰਦੇ ਹੋਏ ਦੇਸ਼ ਦੇ ਕਾਰਜਖੇਤਰ ਵਿੱਚ ਔਰਤਾਂ ਨੂੰ ਸ਼ਾਮਲ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।
ਉਨ੍ਹਾਂ ਨੌਜਵਾਨ ਗ੍ਰੈਜੂਏਟਾਂ ਨੂੰ ਆਤਮਵਿਸ਼ਵਾਸ ਨਾਲ ਅੱਗੇ ਵਧਣ ਅਤੇ ਦੁਨੀਆਂ ਨੂੰ ਸਸ਼ਕਤੀਕਰਨ ਅਤੇ ਸੰਵੇਦਨਸ਼ੀਲਤਾ ਦਾ ਅਹਿਸਾਸ ਕਰਵਾਉਣ ਲਈ ਉਤਸਾਹਿਤ ਕੀਤਾ।ਇਸ ਮੌਕੇ ‘ਤੇ ਕਲਾ, ਵਣਜ, ਵਿਗਿਆਨ, ਪੱਤਰਕਾਰੀ, ਅਰਥ ਸ਼ਾਸਤਰ, ਕੰਪਿਊਟਰ ਵਿਗਿਆਨ, ਮਲਟੀਮੀਡੀਆ ਅਤੇ ਫੈਸ਼ਨ ਡਿਜ਼ਾਈਨ ਦੇ ਵੱਖ-ਵੱਖ ਵਿਸ਼ਿਆਂ ਦੇ 500 ਤੋਂ ਵੱਧ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ।
ਸ਼ਹਿਰ ਦੇ ਵੱਖ-ਵੱਖ ਮੀਡੀਆ ਸੰਗਠਨਾਂ ਦੇ ਮੀਡੀਆ ਕਰਮਚਾਰੀਆਂ ਨੂੰ ਵੀ ਪੱਤਰਕਾਰੀ ਦੇ ਖੇਤਰ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਸਮਾਰੋਹ ਨੂੰ ਸੰਸਕ੍ਰਿਤਕ ਰੰਗ ਦੇਣ ਲਈ ਯੁਵਾ ਭਲਾਈ ਵਿਭਾਗ ਨੇ ਫੋਕ ਆਰਕੈਸਟਰਾ ਅਤੇ ਲੋਕ ਗੀਤ ਦੀ ਪੇਸ਼ਕਾਰੀ ਨਾਲ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ। ਸਮਾਗਮ ਦੌਰਾਨ ਕਾਲਜ ਨਿਊਜ਼ ਬੁਲੇਟਿਨ ਵੀ ਜਾਰੀ ਕੀਤਾ ਗਿਆ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਅਤੇ ਸ਼੍ਰੀ ਸੁਦਰਸ਼ਨ ਕਪੂਰ ਨੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ। ਚੇਅਰਮੈਨ ਸ਼੍ਰੀ ਸੁਦਰਸ਼ਨ ਕਪੂਰ ਦੁਆਰਾ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਡਾ. ਅਨੀਤਾ ਨਰਿੰਦਰ, ਮੁਖੀ, ਹਿੰਦੀ ਵਿਭਾਗ ਨੇ ਕੁਸ਼ਲ ਮੰਚ ਸੰਚਾਲਨ ਕੀਤਾ। ਇਸ ਮੌਕੇ ਆਰਿਆ ਸਮਾਜ ਦੇ ਮੈਂਬਰ ਕਰਨਲ ਵੇਦ ਮਿੱਤਰ, ਸ਼੍ਰੀ ਇੰਦਰਜੀਤ ਠੁਕਰਾਲ, ਸ਼੍ਰੀ ਵਿਮਲ ਕਪੂਰ, ਸ਼੍ਰੀ ਅਸ਼ਵਨੀ ਕਪੂਰ ਸਹਿਤ ਕਾਲਜ ਦੇ ਟੀਚਿੰਗ ਅਤੇ ਨਾਨ-ਟੀਚਿੰਗ ਦੇ ਮੈਂਬਰ ਵੀ ਮੌਜੂਦ ਸਨ। ਦਿਕਸ਼ਾਂਤ ਸਮਾਰੋਹ ਰਾਸ਼ਟਰੀ ਗਾਨ ਨਾਲ ਸੰਪੰਨ ਹੋਇਆ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

