ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਵਜੋਂ ਜਤਿੰਦਰ ਕੌਰ ਨਿਯੁਕਤ

4951612
Total views : 5952877

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ 

ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ੍ਰੀਮਤੀ ਜਤਿੰਦਰ ਕੌਰ ਨੂੰ ਕਾਰਜਕਾਰੀ ਪ੍ਰਿੰਸੀਪਲ ਵਜੋਂ ਨਿਯੁਕਤ ਕੀਤਾ।ਇਸ ਮੌਕੇ ਸ: ਛੀਨਾ ਨੇ ਜਤਿੰਦਰ ਕੌਰ ਨੂੰ ਨਵੀਂ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੰਦਿਆਂ ਉਮੀਦ ਪ੍ਰਗਟਾਈ ਕਿ ਉਹ ਆਪਣੀ ਮਿਹਨਤ, ਲਗਨ ਅਤੇ ਤਜਰਬੇ ਨਾਲ ਸਕੂਲ ਦੀਆਂ ਵਿੱਦਿਅਕ ਤੇ ਸਹਿ—ਵਿਦਿਅਕ ਗਤੀਵਿਧੀਆਂ ਨੂੰ ਹੋਰ ਬੁਲੰਦੀਆਂ ਤੱਕ ਲੈ ਕੇ ਜਾਣਗੇ।

ਛੀਨਾ ਨੇ ਸਾਬਕਾ ਪ੍ਰਿੰਸੀਪਲ ਪੁਨੀਤ ਕੌਰ ਨਾਗਪਾਲ ਦੀਆਂ ਸੇਵਾਵਾਂ ਦੀ ਕੀਤੀ ਸ਼ਲਾਘਾ

ਇਸ ਮੌਕੇ ਸ: ਛੀਨਾ ਨੇ ਸਾਬਕਾ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਵੱਲੋਂ ਨਿਭਾਈਆਂ ਸ਼ਾਨਦਾਰ ਤੇ ਵਿਸ਼ੇਸ਼ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਿਸੇ ਵੀ ਵਿੱਦਿਅਕ ਸੰਸਥਾ ਦੀ ਤਰੱਕੀ ਪਿੱਛੇ ਪ੍ਰਿੰਸੀਪਲ ਅਤੇ ਅਧਿਆਪਕਾਂ ਦੀ ਮਿਹਨਤ, ਸਮਰਪਣ ਅਤੇ ਦੂਰਅੰਦੇਸ਼ੀ ਸੋਚ ਅਹਿਮ ਭੂਮਿਕਾ ਨਿਭਾਉਂਦੀ ਹੈ।ਉਨ੍ਹਾਂ ਕਿਹਾ ਕਿ ਪੁਨੀਤ ਕੌਰ ਨਾਗਪਾਲ ਨੇ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦਿਆਂ ਸਕੂਲ ਦੀ ਬਿਹਤਰੀ ਅਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਯੋਗਦਾਨ ਪਾਇਆ ਹੈ।ਉਨ੍ਹਾਂ ਵੱਲੋਂ ਨਿਭਾਈਆਂ ਸੇਵਾਵਾਂ ਨੂੰ ਹਮੇਸ਼ਾ ਸਤਿਕਾਰ ਨਾਲ ਯਾਦ ਕੀਤਾ ਜਾਵੇਗਾ।
ਇਸ ਮੌਕੇ ਸ. ਛੀਨਾ ਨੇ ਕਿਹਾ ਕਿ ਅੱਜ ਦੇ ਮੁਕਾਬਲੇ ਭਰੇ ਦੌਰ ’ਚ ਵਿਦਿਅਕ ਸੰਸਥਾਵਾਂ ਦੀ ਜ਼ਿੰਮੇਵਾਰੀ ਸਿਰਫ਼ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇਣ ਤੱਕ ਸੀਮਤ ਨਹੀਂ ਰਹੀ, ਸਗੋਂ ਉਨ੍ਹਾਂ ਅੰਦਰ ਨੈਤਿਕ ਕਦਰਾਂ—ਕੀਮਤਾਂ, ਅਨੁਸ਼ਾਸਨ, ਆਤਮ—ਵਿਸ਼ਵਾਸ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਵੀ ਬਹੁਤ ਜ਼ਰੂਰੀ ਹੈ।ਉਨ੍ਹਾਂ ਆਸ ਪ੍ਰਗਟਾਈ ਕਿ ਜਤਿੰਦਰ ਕੌਰ ਦੀ ਅਗਵਾਈ ਹੇਠ ਸਕੂਲ ਸਿੱਖਿਆ ਦੇ ਖੇਤਰ ’ਚ ਨਵੀਆਂ ਪ੍ਰਾਪਤੀਆਂ ਕਰੇਗਾ ਅਤੇ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਦੇਣ ਦੇ ਨਾਲ—ਨਾਲ ਉਨ੍ਹਾਂ ਦੇ ਚਰਿੱਤਰ ਨਿਰਮਾਣ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।ਇਸ ਮੌਕੇ ਕੌਂਸਲ ਦੇ ਜੁਆਇੰਟ ਸਕੱਤਰ ਸ: ਅਜ਼ਮੇਰ ਸਿੰਘ ਹੇਰ, ਸ: ਲਖਵਿੰਦਰ ਸਿੰਘ ਢਿੱਲੋਂ, ਸ: ਪਰਮਜੀਤ ਸਿੰਘ ਬੱਲ, ਸ: ਗੁਰਪ੍ਰੀਤ ਸਿੰਘ ਗਿੱਲ, ਖਾਲਸਾ ਕਾਲਜ ਪਬਲਿਕ ਸਕੂਲ ਦੇ ਪ੍ਰਿੰਸੀਪਲ ਸ: ਅਮਰਜੀਤ ਸਿੰਘ ਗਿੱਲ, ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ, ਰਣਜੀਤ ਐਵੀਨਿਊ ਦੇ ਪ੍ਰਿੰਸੀਪਲ ਸ੍ਰੀਮਤੀ ਨਿਰਮਲਜੀਤ ਕੌਰ ਗਿੱਲ, ਖਾਲਸਾ ਕਾਲਜ ਪਬਲਿਕ ਸਕੂਲ, ਹੇਰ ਪ੍ਰਿੰਸੀਪਲ ਗੁਰਿੰਦਰਜੀਤ ਕੌਰ ਕੰਬੋਜ਼ ਤੇ ਸਕੂਲ ਸਟਾਫ ਆਦਿ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News