





Total views : 5840983







Total views : 5840983ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਖ਼ਾਲਸਾ ਕਾਲਜ ਅੰਮ੍ਰਿਤਸਰ ਵਿਖੇ 1947 ਦੀ ਵੰਡ ਨੂੰ ਸਮਰਪਿਤ 9ਵੇਂ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ-ਮੇਲੇ ਦੇ ਤੀਜੇ ਦਿਨ ਵੱਖ-ਵੱਖ ਪੈਨਲ ਚਰਚਾ ਰਾਹੀਂ ਸੰਤਾਲੀ ਦੀ ਵੰਡ ਦੇ ਕਾਰਨ ਅਤੇ ਇਸ ਦੇ ਪ੍ਰਭਾਵਾਂ ਬਾਰੇ ਵਿਚਾਰ ਚਰਚਾ ਕੀਤੀ ਗਈ। ਤੀਜੇ ਦਿਨ ਦਾ ਆਰੰਭ ਸੰਤਾਲੀ ਦੀ ਵੰਡ: ਸਾਹਿਤ, ਇਤਿਹਾਸ ਅਤੇ ਰਾਜਨੀਤੀ ਸਿਰਲੇਖ ਨਾਲ ਸ਼ੁਰੂ ਹੋਇਆ। ਇਸ ਸੈਸ਼ਨ ਦੇ ਸ਼ੁਰੂਆਤ ਵਿਚ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਅਤੇ ਡਾ. ਹੀਰਾ ਸਿੰਘ ਦੁਆਰਾ ਆਏ ਹੋਏ ਵਿਦਵਾਨਾਂ ਨੂੰ ਜੀ ਆਇਆ ਕਹਿੰਦਿਆਂ ਫੁੱਲਾਂ ਦੇ ਗੁਲਦਸਤੇ ਦਿੱਤੇ ਗਏ। ਪੈਨਲ ਦੇ ਸੰਯੋਜਕ ਸਾਂਵਲ ਧਾਮੀ ਨੇ ਆਪਣੀ ਵਿਚਾਰ ਚਰਚਾ ਵਿਚ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੀ ਕਹਾਣੀ ਵਿਚ ਨਾਰੀਵਾਦੀ ਚੇਤਨਾ ਬਾਰੇ ਵਿਚਾਰ ਕਰਦਿਆਂ ਕਿਹਾ ਕਿ ਲਹਿੰਦੇ ਪੰਜਾਬ ਦੇ ਪੰਜਾਬੀ ਸਾਹਿਤ ਵਿਚ ਚੜ੍ਹਦੇ ਪੰਜਾਬ ਵਾਂਗ ਵਧੇਰੇ ਵਿਕਸਿਤ ਆਧਾਰ ਨਹੀਂ ਹਨ।
ਲਹਿੰਦੇ ਪੰਜਾਬ ਦੇ ਪੰਜਾਬੀ ਸਾਹਿਤ ’ਚ ਚੜ੍ਹਦੇ ਪੰਜਾਬ ਵਾਂਗ ਵਧੇਰੇ ਵਿਕਸਿਤ ਆਧਾਰ ਨਹੀਂ : ਧਾਮੀ
ਡਾ. ਕੁਲਜੀਤ ਸਿੰਘ ਜੰਜੂਆ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਮੇਰਾ ਸੰਤਾਲੀ ਦੀਆਂ ਘਟਨਾਵਾਂ ਨਾਲ ਗੂੜ੍ਹਾ ਰਿਸ਼ਤਾ ਹੈ ਕਿਉਂਕਿ ਮੈਂ ਉਸ ਪਰਿਵਾਰ ਨਾਲ ਸੰਬੰਧ ਰੱਖਦਾ ਹਾਂ ਜੋ ਸੰਤਾਲੀ ਦੀ ਵੰਡ ਸਮੇਂ ਪ੍ਰਭਾਵਿਤ ਹੋਏ। ਜੋ ਮੇਰੇ ਪੁਰਖਿਆਂ ਨੇ ਸੰਤਾਪ ਹੰਢਾਇਆ ਉਸ ਦੀ ਪੀੜ ਦਾ ਅਹਿਸਾਸ ਮੈਂ ਮਹਿਸੂਸ ਕਰ ਸਕਦਾ ਹਾਂ। ਵੰਡ ਦੀ ਮਾਰ ਦਾ ਸੰਤਾਪ ਹੰਢਾਉਂਦੇ ਹੋਏ ਵੀ ਸਾਡੇ ਪੁਰਖਿਆਂ ਨੇ ਹੌਂਸਲਾ ਨਹੀਂ ਛੱਡਿਆ। ਉਹਨਾਂ ਅੰਦਰ ਮੁੜ ਜੀਣ ਦੀ ਭਾਵਨਾ ਪ੍ਰਬਲ ਰੂਪ ਵਿਚ ਉਭਰਦੀ ਹੋਈ ਨਵੀਂ ਆਸ ਮੁੜ ਵਸੇਬੇ ਦੀ ਭਾਵਨਾ ਉਜਾਗਰ ਹੁੰਦੀ ਹੈ।
ਡਾ. ਪਰਮਜੀਤ ਸਿੰਘ ਮੀਸ਼ਾ ਨੇ ਕਿਹਾ ਕਿ ਆਜ਼ਾਦੀ ਦਾ ਉਦੇਸ਼ ਪੂਰਨ ਰੂਪ ਵਿਚ ਸੁਤੰਤਰਤਾ ਸੀ ਜਿਨ੍ਹਾਂ ਮਕਸਦਾਂ ਲਈ ਇਹ ਵਰਤਾਰਾ ਵਾਪਰਿਆ ਉਹ ਪੂਰੇ ਨਹੀਂ ਹੋ ਸਕੇ ਆਜ਼ਾਦੀ ਦੀ ਭਾਵਨਾ ਨੇ ਇਕ ਨਵਾਂ ਰੂਪ ਅਖਤਿਆਰ ਕਰ ਲਿਆ। ਪੂਰਬੀ ਅਤੇ ਪੱਛਮੀ ਪੰਜਾਬ ਦੀ ਵੰਡ ਬਾਰੇ ਗੱਲ ਕਰਦਿਆਂ ਉਹਨਾਂ ਨੇ ਕਿਹਾ ਕਿ ਪੂਰਬੀ ਪੰਜਾਬੀ ਸਾਹਿਤ ਉਪਭਾਵੁਕਤਾ ਨਾਲ ਜੁੜਿਆ ਹੋਇਆ ਹੈ। ਵੰਡ ਦੀ ਮਾਰ ਦਾ ਅਹਿਸਾਸ ਪੱਛਮੀ ਪੰਜਾਬ ਨਾਲੋਂ ਪੂਰਬੀ ਪੰਜਾਬੀਆਂ ਵਿਚ ਬਹੁਤ ਜਿਆਦਾ ਹੈ।
ਰਵਿੰਦਰ ਸਿੰਘ ਨੇ ਪੰਜਾਬ ਦੀ ਵੰਡ ਬਾਰੇ ਵਿਚਾਰ ਪੇਸ਼ ਕਰਦਿਆ ਕਿਹਾ ਕਿ ਪੰਜਾਬ ਦੀ ਵੰਡ ਸਮੇਂ ਪੰਜਾਬੀਆਂ ਨੂੰ ਪੁੱਛਿਆ ਵੀ ਨਹੀਂ ਗਿਆ ਕਿਉਂਕਿ ਉਹਨਾਂ ਕੋਲ ਰਾਜਨੀਤਕ ਸ਼ਕਤੀ ਦੇ ਆਧਾਰ ਨਹੀਂ ਸਨ। ਪਾਕਿਸਤਾਨ ਦੇ ਅਰਥਚਾਰੇ ਨੂੰ ਚਲਾਉਣ ਵਿਚ ਪੰਜਾਬੀਆਂ ਦਾ ਸਭ ਤੋਂ ਵਧ ਯੋਗਦਾਨ ਹੈ। ਸਾਡਾ ਸਾਹਿਤ ਪੰਜਾਬ ਦੀ ਵੰਡ ਸਬੰਧੀ ਰੁਦਨ ਭਰਪੂਰ ਹੈ। ਪੰਜਾਬ ਦੇ ਨਾਮਵਰ ਲੇਖਕਾਂ ਨੇ ਆਪਣੇ ਹੱਕਾਂ ਪ੍ਰਤੀ ਕਿਸੇ ਕਿਸਮ ਦੀ ਕੋਈ ਆਵਾਜ਼ ਨਹੀਂ ਉਠਾਈ।
ਡਾ. ਯੋਗਰਾਜ ਅੰਗਰਿਸ਼ ਨੇ ਵੰਡ ਸੰਬੰਧੀ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਪੰਜਾਬ ਦੀ ਵੰਡ ਨਾਲ ਅਸੀਂ ਭਾਵੁਕ ਪੱਧਰ ‘ਤੇ ਜੁੜੇ ਹੋਏ ਹਾਂ। ਵੰਡ ਸੰਬੰਧੀ ਲਿਖਤ ਨੂੰ ਜੇਕਰ ਧਿਆਨ ਨਾਲ ਵੇਖਿਆ ਜਾਵੇ ਤਾਂ ਪਤਾ ਚਲਦਾ ਹੈ ਕਿ ਵੰਡ ਦਾ ਆਧਾਰ ਧਾਰਮਿਕ ਸੰਪ੍ਰਦਾਇਕਤਾ ਨਹੀਂ ਸੀ। ਪ੍ਰਸਿੱਧ ਵਿਦਵਾਨ ਅਤੇ ਇਤਿਹਾਸਕਾਰ ਡਾ. ਈਸ਼ਵਰ ਦਿਆਲ ਗੌੜ ਨੇ ਸੰਤਾਲੀ ਦੀ ਵੰਡ ਸੰਬੰਧੀ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਹ ਵੰਡ ਹੱਦਾਂ ਦੀ ਉਸਾਰੀ ਜਾਂ ਢਹਿ-ਢੇਰੀ ਨਾਲ ਸੰਬੰਧਿਤ ਹੈ? ਇਹ ਵਿਚਾਰਨ ਵਾਲਾ ਮਸਲਾ ਹੈ।
ਸੰਤਾਲੀ ਦੀ ਵੰਡ ਦੇ ਪੁਨਰ ਚਿੰਤਨ ਨਾਲ ਸੰਬੰਧਿਤ ਦੂਸਰੇ ਸੈਸ਼ਨ ਦਾ ਸੰਯੋਜਨ ਕਰਦਿਆਂ ਡਾ. ਪਰਮਜੀਤ ਸਿੰਘ ਢੀਂਗਰਾ ਨੇ ਵੰਡ ਸਮੇਂ ਪੰਜਾਬੀ ਭਾਸ਼ਾ ਅਤੇ ਇਸ ਦੀ ਭੂਮਿਕਾ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸੰਤਾਲੀ ਦੀ ਵੰਡ ਨੂੰ ਦੇਸ਼ ਦੀ ਵੰਡ ਕਹਿਣਾ ਮੂਲੋਂ ਗਲਤ ਹੈ। ਇਸ ਉਪਰੰਤ ਡਾ. ਗੁਰਬੀਰ ਸਿੰਘ ਬਰਾੜ, ਡਾ. ਜਤਿੰਦਰ ਸਿੰਘ, ਦੀਪ ਜਗਦੀਪ ਸਿੰਘ, ਡਾ. ਪ੍ਰਵੀਨ ਕੁਮਾਰ ਆਦਿ ਨੇ ਸੰਤਾਲੀ ਦੀ ਵੰਡ ਨਾਲ ਸੰਬੰਧਿਤ ਪੰਜਾਬੀ ਭਾਸ਼ਾ, ਪੱਤਰਕਾਰੀ ਅਤੇ ਫਿਲਮਕਾਰੀ ਨਾਲ ਸੰਬੰਧਿਤ ਨੁਕਤਿਆਂ ਤੋਂ ਆਪਣੇ ਵਿਚਾਰ ਪੇਸ਼ ਕੀਤੇ।
ਪੁਸਤਕ ਮੇਲੇ ਵਿਚ ਵੱਖ-ਵੱਖ ਪ੍ਰੋਗਰਾਮਾਂ ਦੇ ਚਲਦਿਆਂ ਅਦਾਰਾ ਪ੍ਰਵਚਨ ਵੱਲੋਂ ਹਰ ਸਾਲ ਕਰਵਾਈ ਜਾਂਦੀ ਕਹਾਣੀ ਗੋਸ਼ਟੀ ਦਾ ਅੱਜ ਕਾਲਜ ਦੇ ਕਾਨਫ਼ੰਰਸ ਰੂਮ ਵਿਚ ਉਦਘਾਟਨ ਕੀਤਾ ਗਿਆ। ਇਸ ਦੀ ਪ੍ਰਧਾਨਗੀ ਡਾ. ਰਮਿੰਦਰ ਕੌਰ ਨੇ ਕੀਤੀ। ਮੁੱਖ ਮਹਿਮਾਨ ਵਜੋਂ ਜਸ ਮੰਡ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ। ਇਸ ਗੋਸ਼ਟੀ ਵਿਚ ਪੰਜਾਬ ਦੇ ਪ੍ਰਸਿੱਧ ਕਹਾਣੀ ਚਿੰਤਕਾਂ ਅਤੇ ਕਹਾਣੀਕਾਰਾਂ ਨੇ ਹਿੱਸਾ ਲਿਆ। ਬਾਅਦ ਦੁਪਹਿਰ ਸਮੇਂ ਗਾਇਕੀ ਅਤੇ ਲੋਕ ਗਾਇਕੀ ਪ੍ਰੋਗਰਾਮ ਦੇ ਚਲਦਿਆਂ ਅਜੈ ਔਲਖ, ਸੁਰਿੰਦਰ ਸਾਗਰ ਅਤੇ ਪ੍ਰਸਿੱਧ ਪੰਜਾਬੀ ਲੋਕ ਗਾਇਕਾ ਗਲੋਰੀ ਬਾਵਾ ਨੇ ਆਪਣੀ ਗਾਇਕੀ ਦੇ ਫਨ ਦਾ ਮੁਜਾਹਰਾ ਕੀਤਾ। ਸਮਾਗਮ ਦਾ ਸਿਖਰ ਲੋਕ ਨਾਚ ਭੰਗੜੇ ਨਾਲ ਹੋਇਆ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ –


