‘ਆਲ ਇਜ਼ ਵੈੱਲ’ ! 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤੀ ਗਈ ਐਸ.ਐਚ.ਓ ਦੀ ਨੌਕਰੀ ਦੇ ਵਾਧੇ ਘਾਟੇ ਦਾ ਹਿਸਾਬ ਕਰੇਗੀ ਵਿਜੀਲੈਂਸ

4946198
Total views : 5945999

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਮੋਗਾ /ਬਾਰਡਰ ਨਿਊਜ ਸਰਵਿਸ

ਕੋਟ ਇਸੇ ਖਾਂ ਥਾਣੇ ਦੀ ਐਸ.ਐਚ.ਓ ਰਹਿੰਦਿਆਂ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤੀ ਗਈ ਸਬ-ਇੰਸਪੈਕਟਰ ਸੁਨੀਤਾ ਬਾਵਾ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਵਿਜੀਲੈਂਸ ਬਿਊਰੋ ਨੇ ਹੁਣ ਉਸ ਦੇ ਖ਼ਿਲਾਫ਼ ਪਹਿਲਾਂ ਤੋਂ ਲੰਬਿਤ ਸ਼ਿਕਾਇਤਾਂ ਦੀ ਜਾਂਚ ਵੀ ਮੁੜ ਸ਼ੁਰੂ ਕਰ ਦਿੱਤੀ ਹੈ। ਅਦਾਲਤੀ ਪੇਸ਼ੀ ਮੌਕੇ ਮਹਿਲਾ ਇੰਸਪੈਕਟਰ ਨੇ ਕਿਹਾ, ‘ਆਲ ਇਜ਼ ਵੈੱਲ।’ ਉਸ ਦੇ ਚਿਹਰੇ ਉੱਤੇ ਨਾ ਭੋਰਾ ਸ਼ਿਕਨ ਅਤੇ ਨਾ ਹੀ ਕੋਈ ਪਛਤਾਵਾ ਸੀ। ਪੁਲੀਸ ਦੀ ਖ਼ਾਕੀ ਨੂੰ ਦਾਗ਼ਦਾਰ ਕਰਨ ਦਾ ਉਸ ਨੂੰ ਭੋਰਾ ਮਲਾਲ ਨਹੀਂ ਸੀ।

ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਪੂਰੀ ਬੇਬਾਕੀ ਨਾਲ ਦਿੰਦਿਆਂ ਉਸ ਨੇ ਕਿਹਾ, ‘‘ਜ਼ਿੰਦਗੀ ਵਿੱਚ ਘਾਟਾ ਵਾਧਾ ਚੱਲਦਾ ਰਹਿੰਦਾ, ਅੱਜ ਤੋਂ ਜੇਲ੍ਹ ਯਾਤਰਾ ਦਾ ਨਵਾਂ ਸਫ਼ਰ ਸ਼ੁਰੂ ਹੋਇਆ, ਫਿਰ ਅੱਗੇ ਦੇਖਦੇ ਹਾਂ।’’ ਆਪਣੇ ਉੱਤੇ ਲੱਗੇ ਰਿਸ਼ਵਤ ਦੇ ਦੋਸ਼ਾਂ ਬਾਰੇ ਉਸ ਨੇ ਰਫ਼ ਐਨਾ ਸਿਹੀ ਕਿਹਾ, ‘ਕੋਈ ਇਸ਼ੂ ਨਹੀਂ ਹੈ।’’

ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵਿਭਾਗ ਤੇ ਵਿਜੀਲੈਂਸ ਕੋਲ ਸੁਨੀਤਾ ਬਾਵਾ ਖ਼ਿਲਾਫ਼ ਪਹਿਲਾਂ ਵੀ ਕਈ ਸ਼ਿਕਾਇਤਾਂ ਪਹੁੰਚ ਚੁੱਕੀਆਂ ਹਨ। ਇਨ੍ਹਾਂ ‘ਚੋਂ ਕੁਝ ਸ਼ਿਕਾਇਤਾਂ ਦੀ ਜਾਂਚ ਲੰਬਿਤ ਸੀ। ਵਿਜੀਲੈਂਸ ਹੁਣ ਪੁਰਾਣੇ ਸ਼ਿਕਾਇਤਕਰਤਾਵਾਂ ਨਾਲ ਸੰਪਰਕ ਕਰਕੇ ਇਨ੍ਹਾਂ ਸ਼ਿਕਾਇਤਾਂ ਨਾਲ ਜੁੜੇ ਤੱਥ ਅਤੇ ਸਬੂਤ ਇਕੱਠੇ ਕਰਨ ‘ਚ ਲੱਗੀ ਹੋਈ ਹੈ।

ਸੁਨੀਤਾ ਬਾਵਾ ਸਾਲ 2011 ‘ਚ ਪੰਜਾਬ ਪੁਲਿਸ ‘ਚ ਕਾਂਸਟੇਬਲ ਦੇ ਅਹੁਦੇ ‘ਤੇ ਭਰਤੀ ਹੋਈ ਸੀ। ਇਸ ਤੋਂ ਬਾਅਦ ਉਸ ਨੇ ਵਿਭਾਗੀ ਬੀ-1 ਪ੍ਰੀਖਿਆ ਪਾਸ ਕਰ ਕੇ ਹੈੱਡ ਕਾਂਸਟੇਬਲ ਦਾ ਅਹੁਦਾ ਹਾਸਲ ਕੀਤਾ। ਕੁਝ ਸਮੇਂ ਬਾਅਦ ਵਿਭਾਗੀ ਪ੍ਰੀਖਿਆ ਰਾਹੀਂ ਉਹ ਸਬ-ਇੰਸਪੈਕਟਰ ਬਣੀ। SI ਬਣਨ ਤੋਂ ਬਾਅਦ ਮੋਗਾ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ‘ਚ ਉਸ ਦੀ SHO ਵਜੋਂ ਤਾਇਨਾਤੀ ਰਹੀ।
SHO ਸੁਨੀਤਾ ਬਾਵਾ ਦੀਆਂ ਵਧਣਗੀਆਂ ਮੁਸ਼ਕਲਾਂ ! ਪੁਰਾਣੀਆਂ ਸ਼ਿਕਾਇਤਾਂ ਦੀ ਮੁੜ ਖੁੱਲ੍ਹੇਗੀ ਫਾਈਲ, ਵਿਜੀਲੈਂਸ ਨੇ ਸ਼ੁਰੂ ਕੀਤੀ ਜਾਂਚ
ਵਿਜੀਲੈਂਸ ਬਿਊਰੋ ਨੇ 26 ਸਤੰਬਰ ਦੀ ਰਾਤ ਸੁਨੀਤਾ ਬਾਵਾ ਤੇ ਉਸ ਦੇ ਸਰਕਾਰੀ ਗੰਨਮੈਨ ਹੋਮਗਾਰਡ ਜਵਾਨ ਗੁਰਅਵਤਾਰ ਸਿੰਘ ਨੂੰ ਰਿਸ਼ਵਤ ਲੈਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਸੀ। ਨੂਰਪੁਰ ਹਕੀਮਾ ਵਾਸੀ ਬਲਵੰਤ ਸਿੰਘ ਨੇ ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤ ਦੇ ਕੇ ਦੋਸ਼ ਲਗਾਇਆ ਸੀ ਕਿ ਥਾਣੇ ‘ਚ ਦਰਜ ਮਾਮਲੇ ‘ਚ ਉਸ ਨੂੰ ਨਾਮਜ਼ਦ ਨਾ ਕਰਨ ਅਤੇ ਕੇਸ ਨੂੰ ਨਿਪਟਾਉਣ ਬਦਲੇ 1 ਲੱਖ ਰੁਪਏ ਦੀ ਰਿਸ਼ਵਤ ਮੰਗੀ ਜਾ ਰਹੀ ਹੈ।
ਸ਼ਿਕਾਇਤ ਦੀ ਜਾਂਚ ਤੋਂ ਬਾਅਦ ਵਿਜੀਲੈਂਸ ਟੀਮ ਨੇ ਜਾਲ ਵਿਛਾਇਆ। ਤੈਅ ਯੋਜਨਾ ਮੁਤਾਬਕ ਜ਼ੀਰਾ ਰੋਡ ‘ਤੇ ਇੱਕ ਥਾਂ ‘ਤੇ ਗਵਾਹਾਂ ਦੀ ਮੌਜੂਦਗੀ ‘ਚ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਐਸ.ਐਚ.ਓ ਸੁਨੀਤਾ ਬਾਵਾ ਅਤੇ ਉਸ ਦੇ ਗਨਮੈਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। 27 ਸਤੰਬਰ ਨੂੰ ਦੋਵਾਂ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੋਂ ਪੁਲਿਸ ਨੂੰ ਰਿਮਾਂਡ ਮਿਲਿਆ।

ਮੋਬਾਈਲ ਫੋਨ ਤੇ ਸੰਪਰਕਾਂ ਦੀ ਜਾਂਚ

ਗ੍ਰਿਫ਼ਤਾਰੀ ਤੋਂ ਬਾਅਦ ਵਿਜੀਲੈਂਸ ਹੁਣ ਇਹ ਪਤਾ ਲਗਾਉਣ ‘ਚ ਜੁਟੀ ਹੈ ਕਿ ਸੁਨੀਤਾ ਬਾਵਾ ਦੇ ਸੰਪਰਕ ‘ਚ ਕੌਣ-ਕੌਣ ਲੋਕ ਸਨ। ਅਧਿਕਾਰੀਆਂ ਵੱਲੋਂ ਉਸ ਦੇ ਅਤੇ ਗੰਨਮੈਨ ਗੁਰਅਵਤਾਰ ਸਿੰਘ ਦੇ ਮੋਬਾਈਲ ਫੋਨ ਦੀ ਕਾਲ ਡਿਟੇਲ ਅਤੇ ਹੋਰ ਤਕਨੀਕੀ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ।ਗ੍ਰਿਫ਼ਤਾਰੀ ਤੋਂ ਪਹਿਲਾਂ ਕਿਹੜੇ ਨੰਬਰਾਂ ਤੋਂ ਲਗਾਤਾਰ ਗੱਲਬਾਤ ਹੋਈ, ਇਸ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ। ਮੋਬਾਈਲ ਤੋਂ ਡਿਲੀਟ ਕੀਤੇ ਗਏ ਮੈਸੇਜ, ਚੈਟ ਅਤੇ ਆਨਲਾਈਨ ਲੈਣ-ਦੇਣ ਦੀ ਡਿਜੀਟਲ ਜਾਂਚ ਰਾਹੀਂ ਪੂਰੇ ਮਾਮਲੇ ਦੀਆਂ ਕੜੀਆਂ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਵਿਚੋਲਿਆਂ ਦੀ ਭੂਮਿਕਾ ਵੀ ਜਾਂਚ ਦੇ ਘੇਰੇ ‘ਚ

ਵਿਜੀਲੈਂਸ ਇਸ ਪੱਖ ਦੀ ਵੀ ਜਾਂਚ ਕਰ ਰਹੀ ਹੈ ਕਿ ਕੀ ਪੁਲਿਸ ਵਿਭਾਗ ਜਾਂ ਬਾਹਰਲੇ ਲੋਕਾਂ ‘ਚ ਕੋਈ ਅਜਿਹਾ ਵਿਅਕਤੀ ਸੀ, ਜੋ ਪੁਲਿਸ ਮਾਮਲਿਆਂ ਨੂੰ ਨਿਪਟਾਉਣ ਲਈ ਵਿਚੋਲੇ ਦੀ ਭੂਮਿਕਾ ਨਿਭਾਉਂਦਾ ਸੀ। ਅਜਿਹੇ ਲੋਕਾਂ ਦੀ ਪਛਾਣ ਕਰਨ ਦੇ ਨਾਲ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਕੀ ਕਿਸੇ ਹੋਰ ਵਿਅਕਤੀ ਦੀ ਇਸ ਤਰ੍ਹਾਂ ਦੇ ਮਾਮਲਿਆਂ ‘ਚ ਕੋਈ ਭੂਮਿਕਾ ਰਹੀ ਹੈ।

ਜਾਇਦਾਦ ਤੇ ਬੈਂਕ ਖਾਤਿਆਂ ਦੀ ਵੀ ਹੋਵੇਗੀ ਜਾਂਚ

ਵਿਜੀਲੈਂਸ ਹੁਣ ਸੁਨੀਤਾ ਬਾਵਾ ਤੇ ਉਸ ਦੇ ਪਰਿਵਾਰ ਦੇ ਨਾਂ ‘ਤੇ ਦਰਜ ਜਾਇਦਾਦਾਂ ਦੀ ਜਾਣਕਾਰੀ ਵੀ ਇਕੱਠੀ ਕਰ ਰਹੀ ਹੈ। ਮਕਾਨ, ਪਲਾਟ, ਵਪਾਰਕ ਜਾਇਦਾਦ ਅਤੇ ਖੇਤੀਬਾੜੀ ਵਾਲੀ ਜ਼ਮੀਨ ਨਾਲ ਸਬੰਧਤ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।ਇਸ ਦੇ ਨਾਲ ਹੀ ਉਸ ਦੇ ਅਤੇ ਉਸ ਦੇ ਕਰੀਬੀਆਂ ਦੇ ਬੈਂਕ ਖਾਤਿਆਂ, ਐੱਫਡੀ ਤੇ ਬੈਂਕ ਲਾਕਰਾਂ ਦੀ ਜਾਣਕਾਰੀ ਹਾਸਲ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਜਾ ਰਹੀ ਹੈ।ਜੇ ਜਾਂਚ ਦੌਰਾਨ ਉਸ ਦੀ ਜਾਣੀ-ਪਛਾਣੀ ਆਮਦਨ ਦੇ ਸਰੋਤਾਂ ਦੇ ਮੁਕਾਬਲੇ ਜਾਇਦਾਦ ਜ਼ਿਆਦਾ ਪਾਈ ਜਾਂਦੀ ਹੈ ਤਾਂ ਆਮਦਨ ਤੋਂ ਵੱਧ ਜਾਇਦਾਦ ਦੇ ਸਬੰਧ ‘ਚ ਵੱਖਰੇ ਤੌਰ ‘ਤੇ ਕਾਰਵਾਈ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਹਾਲਾਂਕਿ ਇਸ ਸਬੰਧੀ ਅੰਤਿਮ ਸਥਿਤੀ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ।

ਪੁਰਾਣੇ ਥਾਣਿਆਂ ‘ਚ ਤਾਇਨਾਤੀ ਦੌਰਾਨ ਦੇ ਮਾਮਲਿਆਂ ਦੀ ਵੀ ਹੋਵੇਗੀ ਸਮੀਖਿਆ

ਸੁਨੀਤਾ ਬਾਵਾ ਮੋਗਾ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ‘ਚ ਐਸ.ਐਚ.ਓ ਵਜੋਂ ਤਾਇਨਾਤ ਰਹਿ ਚੁੱਕੀ ਹੈ। ਅਜਿਹੇ ‘ਚ ਵਿਜੀਲੈਂਸ ਉਸ ਦੇ ਪੁਰਾਣੇ ਕਾਰਜਕਾਲ ਨਾਲ ਸਬੰਧਤ ਰਿਕਾਰਡ ਵੀ ਖੰਗਾਲ ਰਹੀ ਹੈ।ਉਸ ਦੇ ਕਾਰਜਕਾਲ ਦੌਰਾਨ ਨਿਪਟਾਏ ਗਏ ਮਾਮਲਿਆਂ, ਲੰਬਿਤ ਰੱਖੀਆਂ ਗਈਆਂ ਫਾਈਲਾਂ ਅਤੇ ਸ਼ੱਕੀ ਢੰਗ ਨਾਲ ਬੰਦ ਕੀਤੇ ਗਏ ਮਾਮਲਿਆਂ ਦੀ ਸਮੀਖਿਆ ਕੀਤੀ ਜਾ ਰਹੀ ਹੈ। ਵਿਜੀਲੈਂਸ ਦੀ ਜਾਂਚ ਅੱਗੇ ਵਧਣ ਦੇ ਨਾਲ ਹੀ ਇਹ ਸਪੱਸ਼ਟ ਹੋਵੇਗਾ ਕਿ ਮੌਜੂਦਾ ਰਿਸ਼ਵਤ ਮਾਮਲੇ ਤੋਂ ਇਲਾਵਾ ਪੁਰਾਣੇ ਮਾਮਲਿਆਂ ‘ਚ ਵੀ ਕੋਈ ਅਪਰਾਧਿਕ ਜਾਂ ਵਿਭਾਗੀ ਕਾਰਵਾਈ ਬਣਦੀ ਹੈ ਜਾਂ ਨਹੀਂ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
Share this News