Total views : 5506207
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ
-ਭਾਜਪਾ ਦੇ ਸੀਨੀਅਰ ਆਗੂ ਅਤੇ ਕੋਰ ਕਮੇਟੀ ਪੰਜਾਬ ਦੇ ਮੈਂਬਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਇੱਥੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਵੱਲੋਂ ਆਪਣੇ ਸਮਰਥਕ ਲਵਪ੍ਰੀਤ ਸਿੰਘ ਤੂਫ਼ਾਨ ਦੀ ਰਿਹਾਈ ਲਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਾਰਾ ਲੈ ਕੇ ਸਮੂਹ ਸਮਰਥਕਾਂ ਸਮੇਤ ਰਵਾਇਤੀ ਹਥਿਆਰਾਂ ਨਾਲ ਲੈਸ ਅਜਨਾਲਾ ਥਾਣੇ ’ਤੇ ਹਮਲੇ ਨੂੰ ਅਤਿ ਨਿੰਦਨਯੋਗ ਅਤੇ ਮੰਦਭਾਗੀ ਕਾਰਵਾਈ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਅਜਿਹੀ ਬੇਅਦਬੀ ਵਾਲੀ ਹਰਕਤ ਕਰਨ ਵਾਲਾ ਪੰਜਾਬ ਦਾ ਵਾਰਿਸ ਨਹੀਂ ਹੋ ਸਕਦਾ, ਸਗੋਂ ਪੰਜਾਬ ਅਤੇ ਕੌਮ ਦਾ ਦੁਸ਼ਮਣ ਹੈ।
ਸਮਰਥਕ ਨੂੰ ਰਿਹਾਅ ਕਰਵਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਹਾਰਾ ਲੈਣਾ ਅਤਿ ਨਿੰਦਨਯੋਗ ਅਤੇ ਮੰਦਭਾਗਾ
ਸ: ਛੀਨਾ ਨੇ ਉਕਤ ਘਟਨਾ ’ਤੇ ਡੂੰਘੀ ਚਿੰਤਾ ਪ੍ਰਗਟਾਉਂਦਿਆਂ ਪੰਜਾਬ ਸਰਕਾਰ ਵੱਲੋਂ ਗਰਮ ਖਿਆਲੀ ਤਾਕਤਾਂ ਅੱਗੇ ਗੋਡੇ ਟੇਕਣ ’ਤੇ ਮਾਨ ਸਰਕਾਰ ਦੀ ਪੁਰਜ਼ੋਰ ਨਿਖੇਧੀ ਵੀ ਕੀਤੀ। ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ਼ ਪੰਜਾਬ ’ਚ ਅਮਨ-ਕਾਨੂੰਨ ਦੀ ਸਥਿਤੀ ਨੂੰ ਪੂਰੀ ਤਰ੍ਹਾਂ ਨਾਲ ਢਾਹ ਲੱਗੀ ਹੈ, ਸਗੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਢਾਲ ਬਣਾ ਕੇ ਥਾਣੇ ਅੰਦਰ ਦਾਖਲ ਹੋਣ ਨਾਲ ਧਾਰਮਿਕ ਭਾਵਨਾਵਾਂ ਨੂੰ ਵੀ ਭੰਗ ਕੀਤਾ ਹੈ।
ਉਨ੍ਹਾਂ ਨੇ ਉਕਤ ਘਟਨਾ ਸਬੰਧੀ ਸੂਬੇ ਵਿਚਲੀ ਭਗਵੰਤ ਮਾਨ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਹੋਏ ਕਿਹਾ ਹੈ ਕਿ ਇਸ ਨੇ ਸੰਨ 1984 ਵੇਲੇ ਦੇ ਕਾਲੇ ਦੌਰ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦੇ ਰਾਜ ’ਚ ਕਾਨੂੰਨ ਵਿਵਸਥਾ ਬਹੁਤ ਹੀ ਬੁਰੀ ਤਰ੍ਹਾਂ ਨਾਲ ਅਸਫ਼ਲ ਸਾਬਿਤ ਹੋਈ ਹੈ। ਜਦੋਂ ਤੋਂ ਇਹ ਸਰਕਾਰ ਆਈ ਹੈ ਦੇਸ਼ ਵਿਰੋਧੀ ਤਾਕਤਾਂ ਨੇ ਜ਼ੋਰ ਫ਼ੜਿਆ ਹੈ। ਉਨ੍ਹਾਂ ਕਿਹਾ ਕਿ ਸ਼ੋਸਲ ਮੀਡੀਆ ’ਤੇ ਜੇਕਰ ਕੋਈ ਹਥਿਆਰਾਂ ਨਾਲ ਵੀਡਿਓ ਜਾਂ ਕੋਈ ਤਸਵੀਰ ਜਾਰੀ ਕਰੇ ਤਾਂ ਉਸ ’ਤੇ ਸਖ਼ਤੀ ਨਾਲ ਕਾਰਵਾਈ ਕੀਤੀ ਜਾਂਦੀ ਹੈ, ਪਰ ਹੁਣ ਜਦ ਥਾਣੇ ’ਤੇ ਹਮਲਾ ਕਰਨ ਲਈ ਅੰਮ੍ਰਿਤਪਾਲ ਆਪਣੇ ਸਮਰਥਕਾਂ ਨਾਲ ਮਾਰੂ ਹਥਿਆਰਾਂ ਨਾਲ ਪੁੱਜਣ ਦੀ ਸਥਿਤੀ ਜਗ ਜਾਹਿਰ ਹੋਣ ਦੇ ਬਾਵਜੂਦ ਵੀ ਸੂਬਾ ਸਰਕਾਰ ਕਿਸ ਦੇ ਦਬਾਅ ਹੇਠ ਚੁੱਪੀ ਧਾਰ ਕੇ ਕਿਉਂ ਬੈਠੀ ਹੋਈ ਹੈ, ਕੋਈ ਉਚਿੱਤ ਐਕਸ਼ਨ ਕਿਉਂ ਨਹੀਂ ਲੈ ਰਹੀ।
ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦੀ ਕਾਰਜਕਾਲ ਦੌਰਾਨ ਕਾਨੂੰਨ ਵਿਵਸਥਾ ਦੀ ਸਥਿਤੀ ਪੂਰੀ ਡਾਵਾਂਡੋਲ ਹੋ ਗਈ ਹੈ, ਜਿਸ ਕਾਰਨ ਕੋਈ ਵੀ ਵਪਾਰੀ ਇਸ ’ਤੇ ਸਨਅਤੀ ਨਿਵੇਸ਼ ਕਰਨ ਲਈ ਪੂਰੀ ਤਰ੍ਹਾਂ ਨਾਲ ਹਰੇਕ ਪਹਿਲੂ ’ਤੇ ਸੋਚ ਵਿਚਾਰ ਕਰਦਾ ਹੈ। ਪਰ ਇਸ ਘਟਨਾ ਨੇ ਇਹ ਸ਼ੰਕਾ ਸਹੀ ਸਾਬਿਤ ਕਰ ਦਿੱਤੀ ਹੈ ਕਿ ਦੂਜੇ ਰਾਜਾਂ ਤੋਂ ਕੋਈ ਵੀ ਸਨਅਤਕਾਰ ਪੂੰਜੀ ਨਿਵੇਸ਼ ਕਰਨ ਲਈ ਤਿਆਰ ਨਹੀਂ ਹੈ। ਉਨ੍ਹਾਂ ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਸਬੰਧੀ ਸਖ਼ਤ ਕਾਰਵਾਈ ਕਰਨ ਦੀ ਅਪੀਲ ਵੀ ਕੀਤੀ।